ਅੱਧੇ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਨਿਗਮ ਦੇ ਪ੍ਰਬੰਧਾਂ ਦੀ ਪੋਲ, ਕਰੋੜਾਂ ਦੀਆਂ ਮਸ਼ੀਨਾਂ ਕਿੱਥੇ ਹਨ?: ਭਾਜਪਾ ਆਗੂ
ਨੇਤਾ ਵਿਰੋਧੀ ਧਿਰ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਭਾਜਪਾ ਵਫਦ ਨੇ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ, ਤਿੱਖੇ ਸਵਾਲ ਪੁੱਛੇ.
ਜਲੰਧਰ 12 ਜੂਨ(ਏਕਮ) ਜਲੰਧਰ ਸ਼ਹਿਰ ਵਿੱਚ ਸੀਵਰੇਜ ਜਾਮ, ਬਰਸਾਤ ਦੌਰਾਨ ਪਾਣੀ ਭਰਨ, ਸਫ਼ਾਈ ਪ੍ਰਬੰਧਾਂ ਦੀ ਨਾਕਾਮੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ (BJP) ਦੇ ਇੱਕ ਉੱਚ-ਪੱਧਰੀ ਵਫਦ ਵੱਲੋਂ ਨਿਗਮ ਕਮਿਸ਼ਨਰ ਨੂੰ ਇੱਕ ਸਖ਼ਤ ਸ਼ਿਕਾਇਤ ਪੱਤਰ ਸੌਂਪਿਆ ਗਿਆ। ਇਹ ਵਫਦ ਨਗਰ ਨਿਗਮ ਜਲੰਧਰ ਦੇ ਨੇਤਾ ਵਿਰੋਧੀ ਧਿਰ (LOP) ਅਤੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਕਮਿਸ਼ਨਰ ਨੂੰ ਮਿਲਿਆ।
ਸਿਆਸੀ ਪ੍ਰਭਾਵ ਹੇਠ ਕਰਮਚਾਰੀਆਂ ਦੀ ਦੁਰਵਰਤੋਂ ਦਾ ਵੱਡਾ ਦੋਸ਼
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਮਨਜੀਤ ਸਿੰਘ ਟੀਟੂ ਨੇ ਪ੍ਰਸ਼ਾਸਨ ‘ਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਇਹ ਚਰਚਾ ਆਮ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਹਾਰੇ ਹੋਏ ਉਮੀਦਵਾਰਾਂ ਨੂੰ 3-3 ਸੀਵਰਮੈਨ ਨਿੱਜੀ ਤੌਰ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਪੂਰਾ ਸ਼ਹਿਰ ਗੰਦਗੀ ਅਤੇ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉਦੋਂ ਸਰਕਾਰੀ ਕਰਮਚਾਰੀਆਂ ਨੂੰ ਜਨਤਾ ਦੀ ਸੇਵਾ ਦੀ ਬਜਾਏ ਰਾਜਨੀਤਿਕ ਪ੍ਰਭਾਵ ਹੇਠ ਕਿਉਂ ਵਰਤਿਆ ਜਾ ਰਿਹਾ ਹੈ? ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਅੱਧੇ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਪੋਲ
ਭਾਜਪਾ ਆਗੂਆਂ ਨੇ ਕਿਹਾ ਕਿ ਕੱਲ੍ਹ ਪਈ ਕੇਵਲ ਅੱਧੇ ਘੰਟੇ ਦੀ ਬਾਰਿਸ਼ ਨੇ ਮਿਉਂਸੀਪਲ ਕਾਰਪੋਰੇਸ਼ਨ ਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਖਰੀਦਣ ਅਤੇ ਮਾਨਸੂਨ ਦੀ ਤਿਆਰੀ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਮੁੱਖ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਵੜ ਗਿਆ, ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜੇ ਮਾਨਸੂਨ ਸ਼ੁਰੂ ਵੀ ਨਹੀਂ ਹੋਇਆ, ਜੇਕਰ ਹਾਲਾਤ ਨਾ ਸੁਧਰੇ ਤਾਂ ਲੋਕ ਘਰ ਛੱਡਣ ਲਈ ਮਜਬੂਰ ਹੋ ਜਾਣਗੇ।
ਵਫਦ ਵੱਲੋਂ ਮੁੱਖ ਮੰਗਾਂ:
1. ਸ਼ਹਿਰ ਦੇ ਸਮੂਹ ਸੀਵਰੇਜ ਸਿਸਟਮ ਦੀ ਤੁਰੰਤ ਜੰਗੀ ਪੱਧਰ ‘ਤੇ ਸਫ਼ਾਈ ਕਰਵਾਈ ਜਾਵੇ।
2. ਸੀਵਰੇਜ ਸਫ਼ਾਈ ਲਈ ਖਰੀਦੀਆਂ ਮਸ਼ੀਨਾਂ ਦੀ ਮੌਜੂਦਾ ਸਥਿਤੀ ਅਤੇ ਖ਼ਰਚੇ ਦਾ ਵੇਰਵਾ ਜਨਤਕ ਕੀਤਾ ਜਾਵੇ।
3. ਤਾਇਨਾਤ ਸੀਵਰਮੈਨਾਂ ਦੀ ਡਿਊਟੀ, ਹਾਜ਼ਰੀ ਅਤੇ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਹੋਵੇ।
4. ਲਾਪਰਵਾਹ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਕਾਰਵਾਈ ਕੀਤੀ ਜਾਵੇ।
ਵਫਦ ਵਿੱਚ ਸ਼ਾਮਲ ਪ੍ਰਮੁੱਖ ਆਗੂ:
ਇਸ ਮੌਕੇ ਨੇਤਾ ਵਿਰੋਧੀ ਧਿਰ ਮਨਜੀਤ ਸਿੰਘ ਟੀਟੂ ਦੇ ਨਾਲ ਅਜੇ ਬੱਬਲ, ਕ੍ਰਿਸ਼ਨਾ ਮੀਨੀਆ, ਮੀਨੂ ਧੰਦ, ਸਰਤਾਜ ਸਿੰਘ, ਦਰਸ਼ਨ ਲਾਲ ਭਗਤ, ਗੁਰਦੀਪ ਸਿੰਘ ਫ਼ੌਜੀ, ਤਰਵਿੰਦਰ ਸੋਈ, ਰਾਜੀਵ ਧੀਂਗੜਾ, ਚਰਨਜੀਤ ਕੌਰ ਸੰਧਾ, ਰਿੰਪੀ ਪ੍ਰਭਾਕਰ, ਸੁਰਿੰਦਰ ਸ਼ਰਮਾ, ਜੀਵਨ ਜੋਤੀ, ਅਮਨਪ੍ਰੀਤ ਸਿੰਘ, ਪੰਕਜ ਸੋਨੂੰ ਬਾਬਾ, ਅਤੇ ਅਰਸ਼ਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਭਾਜਪਾ ਵਰਕਰ ਹਾਜ਼ਰ ਸਨ।
ਭਾਜਪਾ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਿਗਮ ਪ੍ਰਸ਼ਾਸਨ ਨੇ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਜਨਤਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ।








