ਚੋਣਾਂ ਦੌਰਾਨ ਕਾਲੇ ਬਿੱਲੇ ਲਾ ਕੇ ਡਿਊਟੀ ਕਰਨਗੇ ਮੁਲਾਜ਼ਮ, ‘ਮੋਟਰਸਾਈਕਲ ਮਾਰਚ’ ਰਾਹੀਂ ਸਰਕਾਰ ਵਿਰੁੱਧ ਖੋਲ੍ਹਣਗੇ ਮੋਰਚਾ।
ਜਲੰਧਰ/ਚੰਡੀਗੜ੍ਹ: (NS) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ (PSMSU) ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਅਤੇ ਵਿੱਤੀ ਲਾਭ ਰੋਕਣ ਦੇ ਰੋਸ ਵਜੋਂ 15 ਮਈ 2026 ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਸੰਘਰਸ਼ ਦੀਆਂ ਮੁੱਖ ਰੂਪ-ਰੇਖਾਵਾਂ:
15 ਮਈ ਨੂੰ ਸੰਗਰੂਰ ਕੂਚ: ਸਮੁੱਚੀ ਸੂਬਾ ਅਤੇ ਜ਼ਿਲ੍ਹਾ ਲੀਡਰਸ਼ਿਪ ਕਾਲੇ ਚੋਲੇ ਪਾ ਕੇ ਵਿੱਤ ਮੰਤਰੀ ਦੇ ਘਰ ਵੱਲ ਰੋਸ ਮਾਰਚ ਕਰੇਗੀ। ਇਸੇ ਦਿਨ ਅਗਲੇ ਤਿੱਖੇ ਸੰਘਰਸ਼ ਅਤੇ ‘ਕਲਮ ਛੋੜ ਹੜਤਾਲ’ ਵਰਗੇ ਫੈਸਲਿਆਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਜਲੰਧਰ ਵਿੱਚ ਜਨਰਲ ਇਜਲਾਸ: 5 ਤੋਂ 8 ਮਈ ਦੇ ਦਰਮਿਆਨ ਜਲੰਧਰ ਵਿੱਚ ਜ਼ਿਲ੍ਹਾ ਪੱਧਰੀ ਜਨਰਲ ਇਜਲਾਸ ਬੁਲਾ ਕੇ ਮੁਲਾਜ਼ਮਾਂ ਦੀ ਲਾਮਬੰਦੀ ਕੀਤੀ ਜਾਵੇਗੀ।
ਚੋਣਾਂ ਦੌਰਾਨ ਵਿਰੋਧ: ਆਉਣ ਵਾਲੀਆਂ ਨਗਰ ਕੌਂਸਲ ਅਤੇ ਨਿਗਮ ਚੋਣਾਂ ਦੌਰਾਨ ਪ੍ਰਚਾਰ ਦੇ ਆਖਰੀ ਦਿਨ ਜ਼ਿਲ੍ਹਾ ਪੱਧਰ ‘ਤੇ ਕਾਲੇ ਝੰਡਿਆਂ ਨਾਲ ‘ਮੋਟਰਸਾਈਕਲ ਮਾਰਚ’ ਕੱਢਿਆ ਜਾਵੇਗਾ। ਇਸ ਦੌਰਾਨ ਮੁੱਖ ਨਾਅਰਾ ਹੋਵੇਗਾ— “ਜੋ ਸਰਕਾਰ ਨਿਕੰਮੀ ਹੈ, ਵੋ ਸਰਕਾਰ ਬਦਲਣੀ ਹੈ”।
ਕਾਲੇ ਬਿੱਲੇ ਲਾ ਕੇ ਚੋਣ ਡਿਊਟੀ ਵੋਟਾਂ ਵਾਲੇ ਦਿਨ ਸਮੂਹ ਕਲੈਰੀਕਲ ਕਾਮੇ ਆਪਣੇ ਮੋਢਿਆਂ ‘ਤੇ ਕਾਲੇ ਬਿੱਲੇ ਲਾ ਕੇ ਡਿਊਟੀ ਨਿਭਾਉਣਗੇ ਤਾਂ ਜੋ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਇਆ ਜਾ ਸਕੇ।
ਆਗੂਆਂ ਦੇ ਵਿਚਾਰ
ਸੂਬਾ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਨੰਗਲ ਅਤੇ ਜਨਰਲ ਸਕੱਤਰ ਵਿਨੋਦ ਸਾਗਰ ਨੇ ਕਿਹਾ ਕਿ ਸਰਕਾਰ ਉੱਚ ਅਦਾਲਤਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਆਨਾ-ਕਾਨੀ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਕੈਬਨਿਟ ਸਬ-ਕਮੇਟੀ ਦੇ ਹੋਰਨਾਂ ਮੈਂਬਰਾਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਮੁਲਾਜ਼ਮਾਂ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਭਾਰੀ ਰੋਸ ਹੈ।







