ਚੰਡੀਗੜ੍ਹ (ਨਵਾਂ ਸਵੇਰਾ) ਪੰਜਾਬ ਦੀ ਰਾਜਧਾਨੀ ਅਤੇ ਦਾਦਰਾ ਤੇ ਨਗਰ ਹਵੇਲੀ ਵਿੱਚ ਰਾਸ਼ਨ ਕਾਰਡ ਧਾਰਕਾਂ ਲਈ ਖ਼ੁਰਾਕ ਸਬਸਿਡੀ ਪ੍ਰਾਪਤ ਕਰਨ ਦੇ ਤਰੀਕੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। 14 ਅਗਸਤ 2026 ਤੋਂ ਯੋਗ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਈ-ਰੁਪਏ ਰਾਹੀਂ ਉਨ੍ਹਾਂ ਦੇ ਡਿਜੀਟਲ ਵਾਲਿਟ ਵਿੱਚ ਸਬਸਿਡੀ ਦੀ ਰਕਮ ਮਿਲੇਗੀ।
ਇਹ ਡਿਜੀਟਲ ਪੈਸਾ ਇੱਕ ਖ਼ਾਸ ਮਕਸਦ ਲਈ ਵਰਤਿਆ ਜਾਵੇਗਾ। ਲਾਭਪਾਤਰੀ ਇਸ ਪੈਸੇ ਨਾਲ ਸਰਕਾਰ ਦੁਆਰਾ ਤੈਅ ਕੀਤੀਆਂ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੋਂ ਸਿਰਫ਼ ਕਣਕ ਜਾਂ ਚੌਲ ਹੀ ਖ਼ਰੀਦ ਸਕਣਗੇ।
ਇਸ ਈ-ਰੁਪਏ ਦੀ ਵਰਤੋਂ ਮੋਬਾਈਲ ਰੀਚਾਰਜ, ਕੱਪੜੇ, ਸ਼ਰਾਬ ਜਾਂ ਕਿਸੇ ਹੋਰ ਨਿੱਜੀ ਖ਼ਰਚੇ ਲਈ ਨਹੀਂ ਕੀਤੀ ਜਾ ਸਕਦੀ। ਰਾਸ਼ਨ ਲੈਣ ਲਈ ਲਾਭਪਾਤਰੀਆਂ ਨੂੰ ਤੈਅ ਦੁਕਾਨ ‘ਤੇ ਕਿਊਆਰ ਕੋਡ ਸਕੈਨ ਕਰਨਾ ਪਵੇਗਾ।
ਇਸ ਬੈਲੇਂਸ ਦੀ ਮਿਆਦ 30 ਦਿਨਾਂ ਦੀ ਹੋਵੇਗੀ। ਜੇਕਰ ਲਾਭਪਾਤਰੀ ਇਸ ਸਮੇਂ ਦੇ ਅੰਦਰ ਪੈਸੇ ਦੀ ਵਰਤੋਂ ਨਹੀਂ ਕਰਦਾ, ਤਾਂ ਉਹ ਰਕਮ ਵਾਪਸ ਸਰਕਾਰੀ ਖ਼ਾਤੇ ਵਿੱਚ ਚਲੀ ਜਾਵੇਗੀ।
ਈ-ਰੁਪਇਆ ਕੇਵਾਈਸੀ ਕਿਵੇਂ ਪੂਰੀ ਕਰੀਏ
ਜਿਹੜੇ ਲਾਭਪਾਤਰੀ ਇਸ ਸੁਵਿਧਾ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੀਐਨਬੀ ਡਿਜੀਟਲ ਰੁਪਇਆ ਐਪ ਡਾਊਨਲੋਡ ਕਰਕੇ ਆਪਣੀ ਕੇਵਾਈਸੀ ਪੂਰੀ ਕਰਨੀ ਪਵੇਗੀ। ਉਹ ਆਪਣੇ ਨੇੜਲੇ ਰਾਸ਼ਨ ਦਫ਼ਤਰ ਜਾਂ ਲਗਾਏ ਗਏ ਕੈਂਪ ਵਿੱਚ ਜਾ ਕੇ ਵੀ ਇਸ ਪ੍ਰਕਿਰਿਆ ਲਈ ਆਪਣਾ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਵਾ ਸਕਦੇ ਹਨ।
ਮਦਦ ਲਈ ਲਾਭਪਾਤਰੀ ਟੋਲ ਫ੍ਰੀ ਨੰਬਰ 1800-180-2068 ‘ਤੇ ਸੰਪਰਕ ਕਰ ਸਕਦੇ ਹਨ।
ਵੱਡੇ ਪੱਧਰ ‘ਤੇ ਲਾਗੂ ਕਰਨ ਤੋਂ ਪਹਿਲਾਂ ਕੀਤਾ ਗਿਆ ਟ੍ਰਾਇਲ
ਇਸ ਡਿਜੀਟਲ ਸਬਸਿਡੀ ਮਾਡਲ ਦਾ ਟ੍ਰਾਇਲ ਸਭ ਤੋਂ ਪਹਿਲਾਂ ਪੁਡੂਚੇਰੀ ਅਤੇ ਗੁਜਰਾਤ ਵਿੱਚ ਕੀਤਾ ਗਿਆ ਸੀ। ਉੱਥੇ ਮਿਲੀ ਸਫ਼ਲਤਾ ਤੋਂ ਬਾਅਦ ਹੁਣ ਇਹ ਸਿਸਟਮ ਚੰਡੀਗੜ੍ਹ ਅਤੇ ਦਾਦਰਾ ਤੇ ਨਗਰ ਹਵੇਲੀ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਕਦਮ ਦਾ ਮਕਸਦ ਧੋਖਾਧੜੀ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਅਨਾਜ ਲਈ ਦਿੱਤੀ ਜਾਣ ਵਾਲੀ ਸਬਸਿਡੀ ਦੀ ਵਰਤੋਂ ਸਿਰਫ਼ ਰਾਸ਼ਨ ਖ਼ਰੀਦਣ ਲਈ ਹੀ ਹੋਵੇ।
ਕਿਸੇ ਵੀ ਦੁਕਾਨ ਤੋਂ ਲਿਆ ਜਾ ਸਕਦਾ ਹੈ ਰਾਸ਼ਨ
ਡਿਜੀਟਲ ਸਬਸਿਡੀ ਪ੍ਰਣਾਲੀ ਦੇ ਨਾਲ-ਨਾਲ ਸਰਕਾਰ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਯੋਜਨਾ ਨੂੰ ਵੀ ਮਜ਼ਬੂਤ ਕਰ ਰਹੀ ਹੈ।
ਇਸ ਯੋਜਨਾ ਤਹਿਤ ਯੋਗ ਰਾਸ਼ਨ ਕਾਰਡ ਧਾਰਕ ਦੇਸ਼ ਭਰ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸਰਕਾਰੀ ਰਾਸ਼ਨ ਦੀ ਦੁਕਾਨ ਤੋਂ ਸਬਸਿਡੀ ਵਾਲਾ ਅਨਾਜ ਲੈ ਸਕਦੇ ਹਨ, ਉਨ੍ਹਾਂ ਨੂੰ ਕਿਸੇ ਇੱਕ ਦੁਕਾਨ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਹ ਪ੍ਰਬੰਧ ਉਨ੍ਹਾਂ ਲੋਕਾਂ ਲਈ ਬਹੁਤ ਲਾਹੇਵੰਦ ਹੈ ਜੋ ਕੰਮਕਾਰ ਜਾਂ ਹੋਰ ਕਾਰਨਾਂ ਕਰਕੇ ਦੂਜੇ ਰਾਜਾਂ ਵਿੱਚ ਜਾਂਦੇ ਰਹਿੰਦੇ ਹਨ।
ਸਰਕਾਰ ਨੂੰ ਉਮੀਦ ਹੈ ਕਿ ਇਸ ਨਵੇਂ ਸਿਸਟਮ ਨਾਲ ਰਾਸ਼ਨ ਮਿਲਣਾ ਹੋਰ ਆਸਾਨ ਹੋ ਜਾਵੇਗਾ, ਲਾਈਨਾਂ ਘਟਣਗੀਆਂ ਅਤੇ ਰਾਸ਼ਨ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਵੇਗੀ।







