Nava Savera

नया सवेरा

Passport ਬਣਵਾਉਣਾ ਹੋਇਆ ਮਹਿੰਗਾ, ਕੇਂਦਰ ਸਰਕਾਰ ਵੱਲੋਂ ਨਵੀਂ ਫੀਸ ਪ੍ਰਣਾਲੀ ਲਾਗੂ ਕਰਨ ਦਾ ਐਲਾਨ

 

ਸਧਾਰਨ ਅਤੇ ਤਤਕਾਲ ਸ਼੍ਰੇਣੀ ਸਮੇਤ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀਆਂ ਦਰਾਂ ਵਿੱਚ ਵੀ ਕੀਤਾ ਗਿਆ ਵੱਡਾ ਵਾਧਾ

ਅੱਠ ਸਾਲ ਤੱਕ ਦੇ ਬੱਚਿਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਨਵੇਂ ਪਾਸਪੋਰਟ ਦੀ ਫੀਸ ਵਿੱਚ ਮਿਲੇਗੀ ਦਸ ਫੀਸਦੀ ਦੀ ਰਾਹਤ

ਜਲੰਧਰ/ਨਵੀਂ ਦਿੱਲੀ 26ਜੂਨ (ਨਵਾ ਸਵੇਰਾ) ਕੇਂਦਰ ਸਰਕਾਰ ਵੱਲੋਂ ਪਾਸਪੋਰਟ ਅਤੇ ਉਸ ਨਾਲ ਜੁੜੀਆਂ ਸੇਵਾਵਾਂ ਦੀ ਫੀਸ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੇਸ਼ ਭਰ ਵਿੱਚ ਪਾਸਪੋਰਟ ਨੂੰ ਨਾਗਰਿਕਤਾ ਦਾ ਸਬੂਤ ਮੰਨੇ ਜਾਣ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ (ਸੋਧ) ਨਿਯਮ 2026 ਜਾਰੀ ਕਰਦੇ ਹੋਏ ਇਨ੍ਹਾਂ ਨਵੀਆਂ ਦਰਾਂ ਨੂੰ ਅਗਲੇ ਮਹੀਨੇ ਤੋਂ ਹੀ ਦੇਸ਼ ਭਰ ਵਿੱਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਖਰੀ ਵਾਰ ਸਾਲ 2012 ਵਿੱਚ ਪਾਸਪੋਰਟ ਫੀਸਾਂ ਵਿੱਚ ਸੋਧ ਕੀਤੀ ਗਈ ਸੀ।

ਨਵੇਂ ਨਿਯਮਾਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਲਈ ਸਧਾਰਨ ਪ੍ਰਕਿਰਿਆ ਤਹਿਤ ਨਵਾਂ ਪਾਸਪੋਰਟ ਬਣਵਾਉਣ ਦੀ ਫੀਸ 1,000 ਰੁਪਏ ਤੋਂ ਵਧਾ ਕੇ 1,750 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਤਤਕਾਲ ਸ਼੍ਰੇਣੀ ਲਈ ਹੁਣ 4,250 ਰੁਪਏ ਫੀਸ ਦੇਣੀ ਪਵੇਗੀ। ਇਸੇ ਤਰ੍ਹਾਂ ਜੇਕਰ ਕਿਸੇ ਦਾ ਪਾਸਪੋਰਟ ਗੁੰਮ ਜਾਂ ਖਰਾਬ ਹੋ ਜਾਂਦਾ ਹੈ, ਤਾਂ 36 ਪੰਨਿਆਂ ਦਾ ਪਾਸਪੋਰਟ ਦੁਬਾਰਾ ਬਣਵਾਉਣ ਲਈ ਸਧਾਰਨ ਸ਼੍ਰੇਣੀ ਵਿੱਚ 5,000 ਰੁਪਏ ਅਤੇ ਤਤਕਾਲ ਵਿੱਚ 7,500 ਰੁਪਏ ਖਰਚਣੇ ਪੈਣਗੇ। ਜਦੋਂ ਕਿ 60 ਪੰਨਿਆਂ ਦੇ ਗੁੰਮ ਜਾਂ ਖਰਾਬ ਹੋਏ ਪਾਸਪੋਰਟ ਨੂੰ ਦੁਬਾਰਾ ਜਾਰੀ ਕਰਵਾਉਣ ਲਈ ਸਧਾਰਨ ਫੀਸ 6,000 ਰੁਪਏ ਅਤੇ ਤਤਕਾਲ ਫੀਸ 8,500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਦੀ ਫੀਸ ਵੀ 500 ਰੁਪਏ ਤੋਂ ਵਧਾ ਕੇ ਹੁਣ 750 ਰੁਪਏ ਕਰ ਦਿੱਤੀ ਗਈ ਹੈ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਕੁਝ ਬਿਨੈਕਾਰਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਨਵੇਂ ਨਿਯਮਾਂ ਅਨੁਸਾਰ 8 ਸਾਲ ਤੱਕ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ (ਬਜ਼ੁਰਗਾਂ) ਨੂੰ ਨਵੇਂ ਪਾਸਪੋਰਟ ਦੀ ਅਰਜ਼ੀ ‘ਤੇ 10 ਫੀਸਦੀ ਦੀ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਆਮ ਜਨਤਾ ਦੀ ਜੇਬ ‘ਤੇ ਬੋਝ ਵਧੇਗਾ, ਉੱਥੇ ਹੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਿਲਣ ਵਾਲੀ ਇਹ ਰਾਹਤ ਥੋੜ੍ਹੀ ਸੁਖਾਵੀਂ ਸਾਬਤ ਹੋਵੇਗੀ।

Navan Savera
Author: Navan Savera

Leave a Comment