Nava Savera

नया सवेरा

Breaking News- ਪੰਜਾਬ ‘ਚ ਪੁਰਾਣੇ ਵਾਹਨਾਂ ਦੀ ਖਰੀਦ-ਵੇਚ ਹੋਈ ਹੋਰ ਸੁਖਾਲੀ, ਆਰ.ਸੀ. ਟਰਾਂਸਫਰ ਲਈ ਓ.ਟੀ.ਪੀ. ਦੀ ਸਰਤ ਖਤਮ।

ਟਰਾਂਸਪੋਰਟ ਵਿਭਾਗ ਵੱਲੋਂ ਨਿਯਮਾਂ ‘ਚ ਬਦਲਾਅ; ਹੁਣ ਆਧਾਰ ਕਾਰਡ ਅਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਪੂਰੀ ਹੋਵੇਗੀ ਪ੍ਰਕਿਰਿਆ

 

ਚੰਡੀਗੜ੍ਹ/ਜਲੰਧਰ (ਏਕਮ) ਪੰਜਾਬ ਵਿੱਚ ਪੁਰਾਣੇ ਵਾਹਨਾਂ (ਸੈਕਿੰਡ ਹੈਂਡ ਵਾਹਨਾਂ) ਦੀ ਖਰੀਦ-ਵੇਚ ਕਰਨ ਵਾਲੇ ਡੀਲਰਾਂ ਅਤੇ ਆਮ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਸੂਬਾ ਟਰਾਂਸਪੋਰਟ ਵਿਭਾਗ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਨਵੇਂ ਮਾਲਕ ਦੇ ਨਾਂਅ ‘ਤੇ ਤਬਦੀਲ (ਟਰਾਂਸਫਰ) ਕਰਨ ਦੀ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਕਾਫੀ ਸਰਲ ਅਤੇ ਸੁਚਾਰੂ ਬਣਾ ਦਿੱਤਾ ਹੈ।

ਨਵੇਂ ਨਿਯਮਾਂ ਅਨੁਸਾਰ, ਹੁਣ ਕਾਰ, ਮੋਟਰਸਾਈਕਲ, ਸਕੂਟਰ ਜਾਂ ਟਰੱਕ ਵਰਗੇ ਕਿਸੇ ਵੀ ਪੁਰਾਣੇ ਵਾਹਨ ਦੀ ਆਰ.ਸੀ. ਟਰਾਂਸਫਰ ਕਰਵਾਉਣ ਲਈ ਪੁਰਾਣੇ ਵਾਹਨ ਮਾਲਕ ਦੇ ਮੋਬਾਈਲ ਨੰਬਰ ‘ਤੇ ਆਉਣ ਵਾਲੇ ਓ.ਟੀ.ਪੀ. (OTP) ਦੀ ਲੋੜ ਨਹੀਂ ਪਵੇਗੀ। ਹੁਣ ਬਿਨੈਕਾਰ ਆਧਾਰ ਕਾਰਡ ਅਤੇ ਵਿਭਾਗ ਵੱਲੋਂ ਨਿਰਧਾਰਿਤ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਛਾਣ ਦੀ ਪ੍ਰਕਿਰਿਆ ਪੂਰੀ ਕਰਕੇ ਆਰ.ਸੀ. ਟਰਾਂਸਫਰ ਕਰਵਾ ਸਕਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟਰਾਂਸਪੋਰਟ ਵਿਭਾਗ ਨੇ ਚੋਰੀ ਦੇ ਵਾਹਨਾਂ ਦੀ ਵੇਚ-ਵੱਟਕ ਅਤੇ ਫਰਜ਼ੀਵਾੜੇ ਨੂੰ ਰੋਕਣ ਦੇ ਮਕਸਦ ਨਾਲ ਪੁਰਾਣੇ ਮਾਲਕ ਦੇ ਮੋਬਾਈਲ ਨੰਬਰ ‘ਤੇ ਓ.ਟੀ.ਪੀ. ਭੇਜਣਾ ਲਾਜ਼ਮੀ ਕੀਤਾ ਸੀ, ਤਾਂ ਜੋ ਵਾਹਨ ਦੇ ਅਸਲ ਮਾਲਕ ਦੀ ਤਸਦੀਕ ਕੀਤੀ ਜਾ ਸਕੇ। ਹਾਲਾਂਕਿ, ਇਸ ਪ੍ਰਕਿਰਿਆ ਕਾਰਨ ਕਈ ਵਾਰ ਪੁਰਾਣੇ ਮਾਲਕ ਨਾਲ ਸੰਪਰਕ ਨਾ ਹੋਣ ਕਾਰਨ ਖਰੀਦਦਾਰਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਵਾਹਨ ਡੀਲਰਾਂ ਅਤੇ ਆਰ.ਟੀ.ਓ. ਅਧਿਕਾਰੀਆਂ ਦਾ ਮੰਨਣਾ ਹੈ ਕਿ ਓ.ਟੀ.ਪੀ. ਦੀ ਸ਼ਰਤ ਹਟਣ ਨਾਲ ਹੁਣ ਗਾਹਕਾਂ ਨੂੰ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਸੁਧਾਰ ਨਾਲ ਪੁਰਾਣੇ ਵਾਹਨਾਂ ਦੇ ਬਾਜ਼ਾਰ ਵਿੱਚ ਤੇਜ਼ੀ ਆਵੇਗੀ ਅਤੇ ਆਮ ਜਨਤਾ ਲਈ ਵੀ ਆਰ.ਸੀ. ਟਰਾਂਸਫਰ ਦੀ ਪ੍ਰਕਿਰਿਆ ਬਹੁਤ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗੀ।

Navan Savera
Author: Navan Savera

Leave a Comment